Wednesday 23 November 2011

NATURAL SPRAYS' PREPARATION


ਅਗਨੀ ਅਸਤਰ ਲਈ ਲੋੜੀਂਦੀ ਸਮੱਗਰੀ (ਨਿੰਮ ਦੇ ਪੱਤੇ, ਗੌ ਮੂਤਰ, ਹਰੀ ਮਿਰਚ, ਲਹਸੁਨ)
ਨਿੰਮ ਦੀ ਪੱਤੇ, ਹਰੀ ਮਿਰਚ ਤੇ ਲਹਸੁਨ ਨੂੰ ਕੁੱਟ ਲਵੋ
ਗੌ ਮੂਤਰ ਨੂੰ ਬਰਤਨ ਵਿਚ ਪਾਓ


ਬਾਕੀ ਸਾਰਾ ਕੁੱਟਿਆ ਸਮਾਨ ਵੀ ਬਰਤਨ ਚ ਪਾ ਕੇ ਅੱਗ ਉੱਤੇ ਰੱਖੋ
ਤਿੰਨ ਚਾਰ ਉਬਾਲੀਆਂ ਆਉਣ ਦਿਓ ਤੇ ਬਾਅਦ ਵਿਚ ਉਤਾਰ ਲਵੋ.

 
ਤਿਆਰ ਸਪਰੇਅ ਨੂੰ 48 ਘੰਟੇ ਬਾਅਦ ਪੁਣ ਛਾਣ ਕੇ ਬਰਤਨ ਚ ਪਾ ਕੇ ਸਾਂਭ ਲਓ



ਕੁਦਰਤੀ ਸਪਰੇਆਂ ਬਣਾਉਣ ਦੀ ਵਿਧੀ:
1. ਅਗਨੀ ਅਸਤਰ- ਖੋੜਾਂ ਵਿਚ ਰਹਿਣ ਵਾਲੀਆਂ ਸੁੰਡੀਆਂ, ਫਲੀਆਂ ਚ ਰਹਿਣ ਵਾਲੀਆਂ ਸੁੰਡੀਆਂ, ਫਲਾਂ ਚ ਰਹਿਣ ਵਾਲੀਆਂ ਸੁੰਡੀਆਂ, ਕਪਾਹ ਦੀਆਂ ਸੁੰਡੀਆਂ ਅਤੇ ਹੋਰ ਵੱਡੀਆਂ ਸੁੰਡੀਆਂ ਲਈ।
ਲੋੜੀਂਦੀ ਸਮੱਗਰੀ:  2 ਲਿਟਰ ਗੌ ਮੂਤਰ, 1 ਕਿੱਲੋ ਨਿੰਮ ਦੇ ਪੱਤੇ, 100 ਗ੍ਰਾਮ ਹਰੀ ਮਿਰਚ, 100 ਗ੍ਰਾਮ ਲਹਸੁਨ
ਵਿਧੀ: ਗੌ ਮੂਤਰ ਵਿਚ ਨਿੰਮ ਦੇ ਪੱਤੇ, ਹਰੀ ਮਿਰਚ ਅਤੇ ਲਹਸੁਨ ਕੁੱਟ ਕੇ ਪਾਓ। ਲੱਕੜੀ ਨਾਲ ਘੋਲੋ ਅਤੇ ਬਰਤਨ ਨੂੰ ਢੱਕ ਕੇ ਉਬਾਲੋ ਅਤੇ ਚਾਰ ਉਬਾਲੇ ਆਉਣ ਤੋਂ ਬਾਅਦ ਅੱਗ ਤੋਂ ਉਤਾਰ ਲਵੋ। 48 ਘੰਟੇ ਤੱਕ ਠੰਡਾ ਹੋਣ ਦਿਓ। ਉਸਤੋਂ ਬਾਅਦ ਇਸ ਘੋਲ ਨੂੰ ਪੁਣ ਕੇ ਕਿਸੇ ਬਰਤਨ ਵਿਚ ਸੰਭਾਲ ਕੇ ਰੱਖ ਲਵੋ।
ਇਸਤੇਮਾਲ ਕਰਨ ਦੀ ਵਿਧੀ: 10 ਲਿਟਰ ਪਾਣੀ ਵਿਚ 200-250 ਮਿਲੀ ਲੀਟਰ ਅਗਨੀ ਅਸਤਰ ਪਾ ਕੇ ਫ਼ਸਲ ਉੱਤੇ ਛਿੜਕਾਅ ਕਰੋ।


2. ਬ੍ਰਹਮ ਅਸਤਰ- ਫਸਲਾਂ ਦੀਆਂ ਵੱਡੀਆਂ ਸੁੰਡੀਆਂ ਤੇ ਕੀੜਿਆਂ ਲਈ।
 ਲੋੜੀਂਦੀ ਸਮੱਗਰੀ: 5 ਲਿਟਰ ਗੌ ਮੂਤਰ, 2.5 ਕਿੱਲੋ ਨਿੰਮ ਦੇ ਪੱਤੇ, 1 ਕਿੱਲੋ ਸੀਤਾਫ਼ਲ ਜਾਂ ਸਫ਼ੈਦੇ ਦੇ ਪੱਤੇ, 1 ਕਿੱਲੋ ਧਤੂਰਾ ਜਾਂ ਅੱਕ ਦੇ ਪੱਤੇ
ਵਿਧੀ:  ਉਪਰੋਕਤ ਸਮੱਗਰੀ ਨੂੰ ਕੁੱਟ ਕੇ ਗੌ ਮੂਤਰ ਚ ਘੋਲੋ। ਫਿਰ ਇਸਨੂੰ ਅੱਗ ਉੱਪਰ ਬਰਤਨ ਨੂੰ ਢੱਕ ਕੇ 3-4 ਉਬਾਲੇ ਦੁਆਓ। ਉਸਤੋਂ ਬਾਅਦ ਅੱਗ ਤੋਂ ਉਤਾਰ ਕੇ 48 ਘੰਟੇ ਤੱਕ ਠੰਡਾ ਹੋਣ ਦਿਓ। ਹੁਣ ਇਸਨੂੰ ਛਾਣ ਕੇ ਕਿਸੇ ਬਰਤਨ ਚ ਪਾ ਕੇ ਰੱਖ ਲਓ।
ਇਸਤੇਮਾਲ ਕਰਨ ਦੀ ਵਿਧੀ: 10 ਲਿਟਰ ਪਾਣੀ ਚ 200-250 ਮਿਲੀ ਲੀਟਰ ਬ੍ਰਹਮ ਅਸਤਰ ਪਾ ਕੇ ਫ਼ਸਲ ਉੱਤੇ ਛਿੜਕਾਅ ਕਰੋ।


3. ਨਿੰਮ ਅਸਤਰ- ਰਸ ਚੂਸਣ ਵਾਲੇ ਕੀੜਿਆਂ ਅਤੇ ਬਾਰੀਕ ਸੁੰਡੀਆਂ ਲਈ
ਲੋੜੀਂਦੀ ਸਮੱਗਰੀ: 20 ਲੀਟਰ ਪਾਣੀ, 1 ਕਿੱਲੋ ਨਿੰਮ ਦੀਆਂ ਪੱਤੀਆਂ, 1 ਕਿੱਲੋ ਗੌ ਮੂਤਰ ਅਤੇ 200 ਗ੍ਰਾਮ ਗੋਬਰ
ਵਿਧੀ: ਨਿੰਮ ਦੀਆਂ ਪੱਤੀਆਂ ਨੂੰ ਕੁੱਟ ਕੇ ਪਾਣੀ ਵਿਚ ਘੋਲੋ। ਇਸ ਘੋਲ ਵਿਚ ਗੌਮੂਤਰ ਅਤੇ ਗੋਬਰ ਵੀ ਘੋਲ ਦਿਓ। ਇਸ ਘੋਲ ਨੂੰ ਲੱਕੜੀ ਨਾਲ ਚੰਗੀ ਤਰ੍ਹਾਂ ਹਿਲਾ ਕੇ 24  ਘੰਟੇ  ਤੱਕ ਪਿਆ ਰਹਿਣ ਦਿਓ।
ਇਸਤੇਮਾਲ ਕਰਨ ਦੀ ਵਿਧੀ: 24 ਘੰਟੇ ਬਾਅਦ ਛਾਣ ਕੇ ਇਸਦਾ ਫ਼ਸਲ ਉੱਪਰ ਛਿੜਕਾਅ ਕਰੋ।
( ਉਪਰੋਕਤ ਸਪਰੇਆਂ ਬਣਾਉਣ ਦੀਆਂ ਵਿਧੀਆਂ ਦੀ ਜਾਣਕਾਰੀ ਪੁਸਤਕ " ਕੁਦਰਤੀ ਖੇਤੀ ਕਿਵੇਂ ਕਰੀਏ?" ਲੇਖਕ: ਸੁਭਾਸ਼ ਪਾਲੇਕਰ, ਪੰਜਾਬੀ ਅਨੁਵਾਦ : ਉਮੇਂਦਰ ਦੱਤ , ਚੋਂ ਧੰਨਵਾਦ ਸਹਿਤ ਲਈ ਗਈ ਹੈ।)






Wednesday 19 October 2011

KITCHEN GARDEN (WINTER SEASON )










                                                   




                                                                   


ਕਿਚਨ ਗਾਰਡਨ ਦੀ ਤਿਆਰੀ ਤੇ ਹੋਰ ਜਾਣਕਾਰੀ
ਸਰਦੀਆਂ ਦੀਆਂ ਸਬਜੀਆਂ ਦੇ ਬੀਜ

ਉੱਤਰ ਤੋਂ ਦੱਖਣ ਦਿਸ਼ਾ ਵਿਚ ਵੱਟਾਂ ਬਣਾਓ

ਬੀਜ ਬੀਜਣ ਲਈ ਤਿਆਰ ਜ਼ਮੀਨ

ਬਿਜਾਈ ਤੋਂ ਪਹਿਲਾਂ ਦੇਸੀ ਖਾਦ ਮਿਲਾਓ

ਬੀਜਾਂ ਨੂੰ ਬੀਜ ਅੰਮ੍ਰਿਤ ਨਾਲ ਸੋਧੋ


ਵੱਟਾਂ ਉੱਪਰ ਸਬਜੀਆਂ ਦੇ ਬੀਜ ਬੀਜੋ
ਸਬਜੀਆਂ ਦੀ ਪਨੀਰੀ ਗਮਲਿਆਂ ਚ ਪਾਓ ਤੇ ਬਾਅਦ ਚ ਪੁੱਟ ਕੇ ਗਾਰਡਨ ਚ ਲਗਾਓ
ਪਨੀਰੀ ਵੀ ਵੱਟਾਂ ਉੱਪਰ ਲਗਾਓ


ਪਾਣੀ ਦਾ ਛਿੜਕਾਅ ਕਰੋ

ਕੁਝ ਦਿਨਾਂ ਬਾਅਦ ਪੁੰਗਰੀਆਂ ਸਬਜੀਆਂ
ਸਬਜੀਆਂ ਚੋਂ ਸਮੇਂ ਸਿਰ ਫਾਲਤੂ ਘਾਹ ਕੱਢ ਦਿਓ

ਗੁਡਾਈ ਤੋਂ ਬਾਅਦ ਸਬਜੀਆਂ
ਜੇਕਰ ਗੋਭੀ ਜਾਂ ਹੋਰ ਫ਼ਸਲਾਂ ਨੂੰ ਸੁੰਡੀ ਪੈ ਜਾਵੇ ਤਾਂ ਘਰ ਚ ਤਿਆਰ ਸਪਰੇਅ ਦਾ ਇਸਤੇਮਾਲ ਕਰੋ


ਜ਼ਮੀਨ ਤਿਆਰ ਕਰਨ ਦੀ ਵਿਧੀ:
 ਸਭ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਗੁੱਡ ਕੇ ਉਸ ਵਿੱਚੋਂ ਘਾਹ, ਕੱਖ ਵਗੈਰਾ ਕੱਢ ਲਓ। ਉਸਤੋਂ ਬਾਅਦ  ਦੇਸੀ ਖਾਦ ਚੰਗੀ ਤਰ੍ਹਾਂ ਭੂਮੀ ਚ ਮਿਲਾ ਦਿਓ।
ਉੱਤਰ ਤੋਂ ਦੱਖਣ ਦਿਸ਼ਾ ਵਿਚ ਕਹੀ ਨਾਲ  ਲੰਬੀਆਂ ਵੱਟਾਂ ਬਣਾਓ।
ਬਿਜਾਈ ਕਰਨ ਦੀ ਵਿਧੀ: 
ਵੱਟਾਂ ਦੇ ਉੱਪਰ ਮੌਸਮੀਂ ਸਬਜੀਆਂ ਦੇ ਬੀਜ ਲਗਾਓ।
ਬੀਜਾਂ ਦੀ ਚੋਣ ਇਸ ਤਰ੍ਹਾਂ ਕਰੋ ਕਿ ਉਹਨਾਂ ਨਾਲ ਹੀ ਲੋੜੀਂਦੇ ਤੱਤੇ ਮਿਲ ਜਾਣ। ਉਦਾਹਰਣ ਵਜੋਂ- ਵੱਟਾਂ ਉੱਪਰ ਸਾਗ, ਮੂਲੀ, ਧਨੀਆ, ਮੇਥੀ, ਗਾਜਰ, ਗੋਭੀ, ਆਦਿ ਦੇ ਨਾਲ ਮਟਰ, ਅਲਸੀ (ਤੇਲੀ ਬੀਜ) ਤੇ ਹੋਰ ਬੀਜ ਆੜਾਂ ਦੇ ਵਿਚ ਲਗਾ ਦਿਓ ਤਾਂ ਜੋ ਪੌਦੇ ਇਕ ਦੂਜੇ ਤੋਂ ਆਪਣੇ ਲੋੜੀਂਦੇ ਤੱਤ ਪ੍ਰਾਪਤ ਕਰਦੇ ਰਹਿਣ। ਜੋ ਕਿ ਉਪਰੋਕਤ ਦਿੱਤੇ ਚਿੱਤਰਾਂ ਤੋਂ ਸਪਸ਼ਟ ਹੋ ਜਾਏਗਾ।


Sunday 25 September 2011

Sugarcane Chemical free crop

ਗੰਨੇ ਦੀ ਕਾਸ਼ਤ ਅਤੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਸਬੰਧੀ ਇੱਕ ਮਾਡਲ

ਉੱਪਰ  ਦਿੱਤੇ ਵੀਡੀਓ ਮੁਤਾਬਕ ਸਤੰਬਰ-ਅਕਤੂਬਰ ਮਹੀਨੇ  ਵਿੱਚ ਗੰਨਾ ਬੀਜਣ ਲਈ ਹੇਠ ਲਿਖੀ  ਵਿਧੀ ਅਪਣਾਓ- 
ਖੇਤ ਤਿਆਰ ਕਰਨ ਦੀ ਵਿਧੀ- ਖੇਤ ਵਾਹ ਕੇ ਸਭ ਤੋਂ ਪਹਿਲਾਂ ਉੱਤਰ ਤੇ ਦੱਖਣ ਦਿਸ਼ਾ ਵਿਚ 10-10 ਫੁੱਟ ਜਗ੍ਹਾ ਛੱਡੋ। ਹੁਣ ਬਾਕੀ ਸਾਰੇ ਖੇਤ ਵਿੱਚ ਉੱਤਰ ਤੋਂ ਦੱਖਣ ਦਿਸ਼ਾ ਵਿੱਚ 1.5 X 1.5  ਫੁੱਟ ਦੀਆਂ ਆੜਾਂ ਬਣਾਉਂਦੇ ਸਮੇਂ ਇਹ ਢੰਗ ਆਪਣਾਓ-
  • ਪਹਿਲੀਆਂ ਦੋ ਆੜਾਂ ਵਿੱਚ 4 ਫੁੱਟ ਦਾ ਫ਼ਾਸਲਾ, ਅਗਲੀਆਂ ਦੋ ਆੜਾਂ ਵਿਚਕਾਰ 11 ਫੁੱਟ ਦਾ ਫਾਸਲਾ ਅਤੇ ਉਸਤੋਂ ਅਗਲੀਆਂ ਦੋ ਆੜਾਂ ਵਿਚਕਾਰ ਫਿਰ 4 ਫੁੱਟ ਦਾ ਫਾਸਲਾ ਰੱਖੋ। ਇਹ ਢੰਗ ਆਪਣੇ ਖੇਤ ਦੀ ਬਣਤਰ ਮੁਤਾਬਕ ਅਪਣਾਉਂਦੇ ਜਾਓ।

 ਬਿਜਾਈ  ਦੀ ਵਿਧੀ 
  • ਉੱਪਰ ਦੱਸੀਆਂ ਆੜਾਂ ਵਿਚ ਗੰਨੇ ਦੇ ਸਿਆੜ ਬੀਜੋ। 
  • ਹਰੇਕ ਸਿਆੜ ਅੰਦਰ ਗੰਨੇ ਤੋਂ ਗੰਨੇ ਦੀ ਦੂਰੀ 2 ਫੁੱਟ ਰੱਖੋ।
  • ਗੰਨੇ ਦੀ ਬਿਜਾਈ ਲਈ ਸਿਰਫ਼ 1 ਅੱਖ ਹੀ ਬੀਜਣੀ ‏ ਹੈ ਅਤੇ ਬੀਜਣ ਤੋਂ ਪਹਿਲਾਂ ਅੱਖ ਨੂੰ ਬੀਜ ਅੰਮ੍ਰਿਤ ਨਾਲ ਸੋਧੋ। ਜੇ ਅੱਖ ਦੀ ਬਿਜਾਈ ਨਹੀਂ ਕਰਨੀ  ਤਾਂ ਢਾਈ ਕੁਇੰਟਲ ਬੀਜ ਪ੍ਰਤੀ ਏਕੜ ਲੱਗੇਗਾ।
  • ਗੰਨੇ ਵਿਚਕਾਰ  4 ਫੁੱਟ ਛੱਡੀ ਜਗ੍ਹਾ ਵਿਚ ਬਣੇ  ਬੈੱਡਾਂ ਉੱਪਰ ਆਪਣੀ ਸੁਵਿਧਾ ਅਨੁਸਾਰ ਮੌਸਮੀ ਸਬਜੀਆਂ , ਦਾਲਾਂ ਜਾਂ ਮਸਾਲਦਾਰ ਫ਼ਸਲਾਂ ਬੀਜ ਸਕਦੇ ਹੋ। ਜਿਵੇਂ ਕਿ- ਮਟਰ, ਗਾਜਰਾਂ, ਮੂਲੀਆਂ, ਸ਼ਲਗਮ, ਚੁਕੰਦਰ, ਅਲਸੀ ਆਦਿ ਬੀਜ ਸਕਦੇ ਹੋ।
  • ਖੇਤ ਦੇ ਦੱਖਣ ਅਤੇ ਉੱਤਰ ਦਿਸ਼ਾ ਵਿਚ ਛੱਡੀ 10-10 ਫੁੱਟ ਜਗ੍ਹਾ ਉੱਪਰ ਸਰ੍ਹੋਂ, ਪਾਲਕ, ਅਦਰਕ, ਲਸਣ, ਪਿਆਜ ਅਤੇ ਹੋਰ ਮੌਸਮੀ ਫ਼ਸਲਾਂ ਬੀਜ ਸਕਦੇ ਹੋ। 
  • ਬਾਕੀ ਬਚਦੇ ਖੇਤ ਵਿਚ  (ਗੰਨ ਤੋਂ ਗੰਨ ਦੀ 11 ਫੁੱਟ ਦੂਰੀ ਵਾਲੇ ਬੈੱਡ ਉੱਤੇ ) ਇੱਕ ਫਾੜ ਅਤੇ ਦੋ ਫਾੜ ਦਾਲਾਂ  (3-4 ਕਿੱਲੋ ), ਤੇਲ ਬੀਜਾਂ (3-4 ਕਿੱਲੋ), ਮਸਾਲੇ ਵਾਲੀਆਂ ਫ਼ਸਲਾਂ (੦.5-੦.6 ਕਿੱਲੋ) , ਜੰਤਰ ਜਾਂ ਸਣ (4-5 ਕਿੱਲੋ) ਦੇ ਬੀਜਾਂ ਦਾ ਮਿਸ਼ਰਣ ਕਰਕੇ ਬੀਜੋ । ਇਹ ਜਮੀਨ ਨੂੰ ਨਾਈਟ੍ਰੋਜਨ ਅਤੇ ਹੋਰ ਲੋੜੀਂਦੇ ਤੱਤ ਮੁਹੱਈਆ ਕਰਾਏਗਾ।  35 ਦਿਨਾਂ ਬਾਅਦ ਇਸਨੂੰ ਵਾਹ ਦਿਓ। 
  • ਹੁਣ ਇਸਨੂੰ ਵਾਹੁਣ ਤੋਂ ਬਾਅਦ ਤੁਸੀਂ ਉਪਰੋਕਤ 11 ਫੁੱਟ ਜਗ੍ਹਾ ਉੱਪਰ ਕਣਕ ਅਤੇ ਛੋਲਿਆਂ ਦੀ ਮਿਸ਼ਰਤ ਫ਼ਸਲ ਵੀ ਲੈ ਸਕਦ ਹੋ। ਅਜਿਹਾ ਕਰਨ ਨਾਲ ਗੰਨੇ ਦੇ ਝਾੜ ਉੱਤੇ ਕੋਈ ਅਸਰ ਨਹੀਂ ਪਵਗਾ ਸਗੋਂ ਕਿਸਾਨ ਨੂੰ ਕਣਕ ਅਤੇ ਛੋਲਿਆਂ ਦੀ ਵਾਧੂ ਫ਼ਸਲ ਮਿਲ ਜਾਵੇਗੀ।
(ਨੋਟ -ਇਸ ਸਬੰਧੀ ਪੂਰੀ ਜਾਣਕਾਰੀ ਗੰਨੇ ਅਤੇ ਕਣਕ ਦੀ ਮਿਸ਼ਰਤੀ ਫ਼ਸਲ ਵਾਲੇ ਮਾਡਲ ਵਿਚ ਅੱਗੇ ਜਾ ਕੇ ਦੇਵਾਂਗੇ। )